Thursday, December 3, 2015

ਸਪੱਸ਼ਟੀਕਰਨ - ੨੩ ਨਵੰਬਰ ਦੇ ਰਾਜਨੀਤਿਕ ਇਕੱਠ 'ਤੇ ਬੱਸਾਂ ਭੇਜੇ ਜਾਣ ਬਾਰੇ ਪੈਦਾ ਹੋਏ ਵਿਵਾਦ


ਅਸੀਂ ਬੜੇ ਦੁਖੀ ਹਿਰਦੇ ਨਾਲ ਸਾਧ-ਸੰਗਤ ਨੂੰ ਇਹ ਦੱਸ ਰਹੇ ਹਾਂ ਕਿ ਪਿਛਲੇ ਦਿਨੀਂ ਸ਼ੋਸ਼ਲ ਮੀਡੀਆ, ਫੇਸ-ਬੁੱਕ ਅਤੇ ਵਟਸ-ਅੱਪ ਤੇ ਕੁਝ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਨਕਲੀ ਆਈ.ਡੀਆਂ ਰਾਹੀਂ ਬੜੇ ਅਪਮਾਨ-ਜਨਕ ਤੇ ਬੇਅਦਬੀ ਭਰਪੂਰ ਸ਼ਬਦ ਬੜੂ ਸਾਹਿਬ ਸੰਸਥਾ ਅਤੇ ਸਤਿਕਾਰਯੋਗ ਬਾਬਾ ਇਕਬਾਲ ਸਿੰਘ ਜੀ ਵਾਸਤੇ ਵਰਤੇ ਗਏ ਹਨ।
ਅਸੀਂ ਸਾਧ-ਸੰਗਤ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਬਿਲਕੁੱਲ ਬੇ-ਬੁਨਿਆਦ ਅਤੇ ਝੂਠੇ ਇਲਜ਼ਾਮ ਸੰਸਥਾ ਉਪਰ ਲਾਏ ਗਏ ਹਨ, ਜਦੋਂ ਕਿ ਇਸ ਹੋਈ ਰਾਜ਼ਨੀਤਿਕ ਰੈਲੀ ਵਿਚ ਸਾਡੇ ਵੱਲੋਂ ਕੋਈ ਵੀ ਸਕੂਲ ਬੱਸ ਜਾਂ ਹੋਰ ਸਾਧਨ ਨਹੀਂ ਸੀ ਭੇਜਿਆ ਗਿਆ।
ਬੜੇ ਹੀ ਦੁਖ ਤੇ ਅਫ਼ਸੋਸ ਵਾਲੀ ਗੱਲ ਹੈ ਕਿ ਇਹ ਸ਼ਰਾਰਤੀ ਲੋਕ ਉਸ ਬਾਬਾ ਜੀ ਲਈ ਇਸ ਤਰ੍ਹਾਂ ਦੀ ਭੈੜੀ ਸ਼ਬਦਾਵਲੀ ਵਰਤ ਰਹੇ ਹਨ, ਜਿਨ੍ਹਾਂ ਨੇ ਨਾ ਸਿਰਫ ਸਿੱਖ ਕੌਮ ਦੇ ਬੱਚਿਆਂ ਲਈ ਨੈਤਿਕ ਕਦਰਾਂ-ਕੀਮਤਾਂ ਵਾਲੀ ਵਿਦਿਆ ਦੇ ਪ੍ਰਚਾਰ ਤੇ ਪਸਾਰ ਲਈ ਕਰੜੀ ਘਾਲਨਾ ਘਾਲੀ ਬਲਕਿ ਆਪਣੀ ਸਾਰੀ ਜਿੰਦਗੀ ਸਿੱਖ ਕੌਮ ਨੂੰ ਸਮਰਪਿਤ ਕਰ ਦਿੱਤੀ ਹੈ। ਇਹ ਅਗਿਆਨੀ ਤੇ ਸ਼ਾਤਰ ਲੋਕ ਭੋਲੀ-ਭਾਲੀ ਸਾਧ-ਸੰਗਤ ਨੂੰ ਵੀ ਆਪਣੇ ਕੂੜ ਪ੍ਰਚਾਰ ਰਾਹੀਂ ਵਰਗਲਾ ਰਹੇ ਹਨ, ਸੋ ਸਾਧ-ਸੰਗਤ ਜੀ! ਇਨ੍ਹਾਂ ਲੋਕਾਂ ਦੀ ਅਸਲੀਅਤ ਤੋਂ ਜਾਣੂ ਹੋਣ ਦੀ ਲੋੜ ਹੈ।
ਸਾਡਾ ਹਿਰਦਾ ਰੋਂਦਾ ਹੈ, ਜਦੋਂ ਅਸੀਂ ਇਨ੍ਹਾਂ ਫਰੇਬੀ ਲੋਕਾਂ ਵੱਲੋਂ ਬਾਬਾ ਜੀ ਵਾਸਤੇ ਵਰਤੇ ਗਏ 'ਠੱਗ' ਅਤੇ 'ਚੋਰ' ਵਰਗੇ ਭੈੜੇ ਅਤੇ ਅਪਮਾਨ-ਜ਼ਨਕ ਸ਼ਬਦ ਪੜ੍ਹਦੇ ਜਾਂ ਸੁਣਦੇ ਹਾਂ। 
ਕੀ ਇਹ ਲੋਕ ਜਾਣਦੇ ਹਨ ਕਿ ਬਾਬਾ ਜੀ ਨੇ ਸਿੱਖ ਕੌਮ ਦੀ ਚੜ੍ਹਦੀਕਲਾ ਅਤੇ ਭਲੇ ਲਈ ਕੀ ਕੁਝ ਕੀਤਾ ਹੈ?
➢ ਬਾਬਾ ਜੀ ਨੇ ਸੰਤ ਬਾਬਾ ਤੇਜਾ ਸਿੰਘ ਜੀ ਦੇ ਬਚਨਾਂ 'ਤੇ ਪਹਿਰਾ ਦਿੰਦਿਆਂ, ਬਿਨਾਂ ਕਿਸੇ ਲਾਭ-ਹਾਨੀ ਦੀ ਪ੍ਰਵਾਹ ਕੀਤਿਆਂ ਬੜੂ ਸਾਹਿਬ ਦੀ ਤਪੋ-ਭੂਮੀ ਨੂੰ ਪ੍ਰਗਟ ਕਰਨ ਲਈ ਆਪਣੀ ਪੰਜਾਬ ਸਰਕਾਰ ਦੀ ਉੱਚ-ਪੱਧਰ ਦੀ ਨੌਕਰੀ ਛੱਡ ਕੇ ਹਿਮਾਚਲ ਪ੍ਰਦੇਸ਼ ਵਿਖੇ ਖੇਤੀ-ਬਾੜੀ ਵਿਭਾਗ ਵਿਚ ਹੇਠਲੇ ਪੱਧਰ ਦੀ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ।
➢ ਬਾਬਾ ਜੀ ਖੇਤੀ-ਬਾੜੀ ਵਿਭਾਗ ਵਿੱਚੋਂ ਡਾਇਰੈਕਟਰ ਦੇ ਉੱਚ ਅਹੁਦੇ ਤੋਂ ਰਿਟਾਇਰਡ ਹੋਏ ਸਨ, ਪਰ ਉਨ੍ਹਾਂ ਨੇ ਆਪਣੇ ਲਈ ਇੱਕ ਸਿੱਕਾ ਵੀ ਨਹੀਂ ਜੋੜਿਆ, ਬਲਕਿ ਆਪਣੀ ਸਾਰੀ ਪੂੰਜੀ, ਤਨਖਾਹ ਤੇ ਪੈਨਸ਼ਨ ਆਦਿ ਇਸ ਚੈਰੀਟੇਬਲ ਸੰਸਥਾ ਦੀ ਤਰੱਕੀ ਲਈ ਖਰਚ ਕਰ ਦਿੱਤੀ।
➢ ਬਾਬਾ ਜੀ ਨੇ ੧੯੮੬ ਈ: ਵਿਚ ਸਿਰਫ ੫ ਵਿਦਿਆਰਥੀਆਂ ਨਾਲ ਬੜੂ ਸਾਹਿਬ ਵਿਖੇ ਅਕਾਲ ਅਕੈਡਮੀ ਸ਼ੁਰੂ ਕੀਤੀ ਸੀ, ਜਿਸ ਦੇ ਵਧੀਆ ਨਤੀਜ਼ਿਆਂ ਤੋਂ ਪ੍ਰਭਾਵਿਤ ਹੋਈ ਸੰਗਤ ਦੇ ਹੁਕਮ ਅਤੇ ਸਹਿਯੋਗ ਨਾਲ ਹੁਣ ਤੱਕ ੧੨੯ ਅਕਾਲ ਅਕੈਡਮੀਆਂ ਅਤੇ ਦੋ ਯੂਨੀਵਰਸਿਟੀਆਂ ਖੁੱਲ੍ਹ ਚੁੱਕੀਆਂ ਹਨ, ਜਿਸ ਵਿਚ ੬੦ ਹਜ਼ਾਰ ਵਿਦਿਆਰਥੀ ਨੈਤਿਕ ਕਦਰਾਂ-ਕੀਮਤਾਂ ਵਾਲੀ ਵਿਦਿਆ ਗ੍ਰਹਿਣ ਕਰ ਰਹੇ ਹਨ। ਇਸ ਤੋਂ ਇਲਾਵਾ ੨੫੦ ਬਿਸਤਰਿਆਂ ਵਾਲਾ ਹਸਪਤਾਲ, ਦੋ ਨਸ਼ਾ ਛਡਾਊ ਕੇਂਦਰ ਅਤੇ ਉੱਤਰੀ ਭਾਰਤ ਵਿਚ ਇਸਤਰੀਆਂ ਦੀ ਭਲਾਈ ਲਈ ਕਈ ਹੋਰ ਪਰਉਪਕਾਰੀ ਕਾਰਜ਼ ਵੀ ਚੱਲ ਰਹੇ ਹਨ।
ਬਾਬਾ ਜੀ ਦੀ ਕੌਮ ਦੀ ਚੜ੍ਹਦੀਕਲਾ ਲਈ ਜੋ ਸਭ ਤੋਂ ਵੱਡੀ ਦੇਣ ਹੈ, ਉਹ ਇਹ ਹੈ ਕਿ ਇਨ੍ਹਾਂ ਅਕਾਲ ਅਕੈਡਮੀਆਂ ਦੇ ਸਾਰੇ ਵਿਦਿਆਰਥੀ ਆਪਣੇ ਦਿਨ ਦੀ ਸ਼ੁਰੂਆਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਨਾਲ ਕਰਦੇ ਹਨ ਅਤੇ ਅਕੈਡਮੀਆਂ ਵਿਚ ਮੌਜ਼ੂਦ ਸਾਰੇ ਗੁਰਦੁਆਰਿਆਂ ਦੀ ਦੇਖ-ਰੇਖ ਤੇ ਸਾਂਭ-ਸੰਭਾਲ ਵੀ ਇਨ੍ਹਾਂ ਵਿਦਿਆਰਥੀ ਵੱਲੋਂ ਖੁਦ ਹੀ ਕੀਤੀ ਜਾਂਦੀ ਹੈ।
ਪੈਦਾ ਹੋਏ ਮੌਜੂਦਾ ਵਿਵਾਦ ਬਾਰੇ ਟਿੱਪਣੀਆਂ:➢ ੨੧ ਨਵੰਬਰ ਨੂੰ ਕੁਝ ਠੇਕੇ 'ਤੇ ਚੱਲ ਰਹੀਆਂ ਬੱਸਾਂ ਦੇ ਮਾਲਕਾਂ ਵੱਲੋਂ ਸਾਨੂੰ ਦੱਸਿਆ ਗਿਆ ਕਿ ਉਹ ੨੩ ਨਵੰਬਰ ਨੂੰ ਬੱਚਿਆਂ ਨੂੰ ਸਕੂਲ ਲੈ ਕੇ ਨਹੀਂ ਆ ਸਕਦੇ ਕਿਉਂਕਿ ਉਨ੍ਹਾਂ ਨੇ ਬੱਸਾਂ ਬਠਿੰਡਾ ਵਿਖੇ ਹੋ ਰਹੀ ਰੈਲੀ 'ਤੇ ਲਿਜਾਣੀਆਂ ਹਨ।
➢ ਉਨ੍ਹਾਂ ਸਬੰਧਿਤ ਅਕੈਡਮੀਆਂ ਦੀਆਂ ਪ੍ਰਿੰਸੀਪਲਾਂ ਨੇ ਉਨ੍ਹਾਂ ਠੇਕੇਦਾਰਾਂ ਨੂੰ ਕਿਹਾ ਕਿ ਇਤਨੇ ਥੋੜੇ ਸਮੇਂ ਵਿਚ ਉਹ ਬੱਚਿਆਂ ਲਈ ਹੋਰ ਬੱਸਾਂ ਦਾ ਢੁਕਵਾਂ ਪ੍ਰਬੰਧ ਨਹੀਂ ਕਰ ਸਕਦੇ, ਇਸ ਲਈ ਉਹ ਆਪਣੀ ਡਿਊਟੀ 'ਤੇ ਹਾਜ਼ਰ ਹੋਣ। ਪਰ ਫਿਰ ਵੀ ਉਨ੍ਹਾਂ ਦਾ ਜਵਾਬ ਨਾਂਹ-ਪੱਖੀ ਹੀ ਸੀ।
➢ ਫਿਰ ਉਨ੍ਹਾਂ ਪ੍ਰਿੰਸੀਪਲਾਂ ਨੇ ਮਾਪਿਆਂ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਉਹ ਉਸ ਦਿਨ ਆਪਣੇ ਬੱਚਿਆਂ ਨੂੰ ਆਪਣੇ ਨਿੱਜੀ ਸਾਧਨਾਂ ਰਾਹੀਂ ਸਕੂਲ ਛੱਡ ਜਾਣ। ਪਰ ਬਹੁਤੇ ਮਾਪਿਆਂ ਵੱਲੋਂ ਸਮੇਂ ਦੀ ਘਾਟ ਤੇ ਕੁਝ ਹੋਰ ਕਾਰਨਾਂ ਕਰਕੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ ਗਈ।
ਸਪੱਸ਼ਟ ਕੀਤਾ ਜਾਂਦਾ ਹੈ ਕਿ ਇਨ੍ਹਾਂ ਉਪਰੋਕਤ ਸਾਰੀਆਂ ਰੁਕਾਵਟਾਂ ਦੇ ਬਾਵਜ਼ੂਦ ਉਨ੍ਹਾਂ ਸਾਰੀਆਂ ਸਬੰਧਿਤ ਅਕਾਲ ਅਕੈਡਮੀਆਂ ਦੀਆਂ ਪ੍ਰਿੰਸੀਪਲਾਂ ਤੇ ਹੋਰ ਸਾਰੇ ਅਧਿਆਪਕ ਉਸ ਦਿਨ ਸਕੂਲ ਵਿਚ ਹਾਜ਼ਰ ਹੋਏ ਸਨ ਅਤੇ ਉਨ੍ਹਾਂ ਵਿਦਿਆਰਥੀਆਂ ਦੀਆਂ ਕਲਾਸਾਂ ਵੀ ਲਗਾਈਆਂ ਗਈਆਂ ਸਨ, ਜਿਨ੍ਹਾਂ ਵਿਦਿਆਰਥੀਆਂ ਨੂੰ ਮਾਪਿਆਂ ਵੱਲੋਂ ਆਪਣੇ ਨਿੱਜੀ ਸਾਧਨਾਂ ਰਾਹੀਂ ਸਕੂਲ ਭੇਜਿਆ ਗਿਆ ਸੀ।

ਅਸਲ ਕਾਰਨ:➢ ਅਕਾਲ ਅਕੈਡਮੀਆਂ ਵਿਚ ਬੱਚਿਆਂ ਨੂੰ ਲਿਆਉਣ ਅਤੇ ਲਿਜਾਣ ਲਈ ਲਗਭਗ ੧੨੦੦ ਬੱਸਾਂ ਚੱਲ ਰਹੀਆਂ ਹਨ:
➢ ਇਨ੍ਹਾਂ ਬੱਸਾਂ ਵਿਚੋਂ ੨੦੦ ਬੱਸਾਂ ਕਲਗੀਧਰ ਟ੍ਰਸਟ ਦੀਆਂ ਆਪਣੀਆਂ ਹਨ, ਜੋ ਰੋਜ਼ਾਨਾ ਕੇਵਲ ਬੱਚਿਆਂ ਤੇ ਸਟਾਫ ਨੂੰ ਲਿਆਉਣ ਤੇ ਲਿਜਾਣ ਲਈ ਹੀ ਵਰਤੀਆਂ ਜਾਂਦੀਆਂ ਹਨ। ਟ੍ਰਸਟ ਦੀਆਂ ਇਨ੍ਹਾਂ ਬੱਸਾਂ ਵਿਚੋਂ ਕੋਈ ਵੀ ਬੱਸ ਇਸ ਰਾਜਨੀਤਿਕ ਰੈਲੀ ਵਿਚ ਨਹੀਂ ਸੀ ਗਈ।
➢ ੯੦੦ ਬੱਸਾਂ ਕਲਗੀਧਰ ਟ੍ਰਸਟ ਵੱਲੋਂ ਠੇਕੇ 'ਤੇ ਲਈਆਂ ਗਈਆਂ ਹਨ, ਜਿਨ੍ਹਾਂ ਵਿਚੋਂ ੨੦ ਬੱਸਾਂ ੨੩ ਨਵੰਬਰ ਨੂੰ ਆਪਣੀ ਡਿਊਟੀ 'ਤੇ ਨਹੀਂ ਆਈਆਂ ਸਨ।
➢ ੧੦੦ ਬੱਸਾਂ ਮਾਪਿਆਂ ਵੱਲੋਂ ਖੁਦ ਕਿਰਾਏ 'ਤੇ ਲੈ ਕੇ ਚਲਾਈਆਂ ਜਾ ਰਹੀਆਂ ਹਨ, ਜਿਸ ਵਿਚ ਸੰਸਥਾ ਦਾ ਕੋਈ ਲੈਣ-ਦੇਣ ਜਾਂ ਜਵਾਬ-ਦੇਹੀ ਨਹੀਂ ਹੈ, ਇਨ੍ਹਾਂ ਬੱਸਾਂ ਵਿਚੋਂ ੨੩ ਨਵੰਬਰ ਨੂੰ ੧੭ ਬੱਸਾਂ ਆਪਣੀ ਡਿਊਟੀ 'ਤੇ ਹਾਜ਼ਰ ਨਹੀਂ ਹੋਈਆਂ ਸਨ।
ਸੋ ਸਾਧ-ਸੰਗਤ ਜੀ, ਇਸ ਸਾਰੀ ਉਪਰੋਕਤ ਚਰਚਾ ਤੋਂ ਸਪੱਸ਼ਟ ਹੁੰਦਾ ਹੈ ਕਿ ਕੁੱਲ ੧੨੦੦ ਬੱਸਾਂ ਵਿਚੋਂ ਸਿਰਫ ੩੭ (੩%) ਬੱਸਾਂ, ਉਸ ਦਿਨ ਆਪਣੀ ਡਿਊਟੀ 'ਤੇ ਨਹੀਂ ਆਈਆਂ ਸਨ ਅਤੇ ਇਹ ਬੱਸਾਂ ਕੁੱਲ ੧੨੯ ਅਕਾਲ ਅਕੈਡਮੀਆਂ ਵਿਚੋਂ ਸਿਰਫ ੪ (੩%) ਅਕਾਲ ਅਕੈਡਮੀਆਂ ਦੀਆਂ ਸਨ। ਪਰ ਉਨ੍ਹਾਂ ਚਾਰ ਅਕੈਡਮੀਆਂ ਵਿਚ ਵੀ ਆਪਣੇ ਨਿੱਜੀ ਸਾਧਨਾਂ ਰਾਹੀਂ ਸਕੂਲ ਵਿਚ ਪਹੁੰਚਣ ਵਾਲੇ ਵਿਦਿਆਰਥੀਆਂ ਦੀਆਂ ਕਲਾਸਾਂ ਲਗਾਈਆਂ ਗਈਆਂ ਸਨ ਅਤੇ ਸਾਰਾ ਸਟਾਫ ਸਕੂਲ ਵਿਚ ਹਾਜ਼ਰ ਸੀ।
ਸੋ ਸਪੱਸ਼ਟ ਹੈ ਕਿ:
੧) ਸਾਰੀਆਂ ਅਕਾਲ ਅਕੈਡਮੀਆਂ ਦੀਆਂ ਪ੍ਰਿੰਸੀਪਲਾਂ ਅਤੇ ਸਾਰਾ ਸਟਾਫ ੨੩ ਨਵੰਬਰ ਨੂੰ ਸਕੂਲ ਵਿਚ ਹਾਜ਼ਰ ਸੀ।
੨) ਕੇਵਲ ਸਬੰਧਿਤ ਚਾਰ ਅਕੈਡਮੀਆਂ ਨੂੰ ਛੱਡ ਕੇ ਬਾਕੀ ਦੀਆਂ ਸਾਰੀਆਂ ੧੨੯ ਅਕਾਲ ਅਕੈਡਮੀਆਂ ਵਿਚ ਰੋਜ਼ਾਨਾਂ ਵਾਂਗ ਕਲਾਸਾਂ ਲਗਾਈਆਂ ਗਈਆਂ ਸਨ ਅਤੇ ਪੜ੍ਹਾਈ ਕਰਵਾਈ ਗਈ ਸੀ।
ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਉਨ੍ਹਾਂ ਠੇਕੇਦਾਰਾਂ ਨੂੰ ਜ਼ੁਰਮਾਨਾਂ ਕਰਨ ਲਈ ਅਜੇ ਇਸ ਤਰ੍ਹਾਂ ਦਾ ਕੋਈ ਰੂਲ ਜਾਂ ਨਿਯਮ ਨਹੀਂ ਹੈ, ਜੋ ਬਿਨਾਂ ਕਿਸੇ ਖਾਸ ਕਾਰਨ ਦੇ ਆਪਣੀ ਡਿਊਟੀ 'ਤੇ ਹਾਜ਼ਰ ਨਹੀਂ ਹੁੰਦੇ। ਸੋ ਅਸੀਂ ਕਾਨੂੰਨੀ ਮਾਹਿਰਾਂ ਤੋਂ ਸਲਾਹ ਲੈ ਰਹੇ ਹਾਂ ਤਾਂ ਕਿ ੨੩ ਤਾਰੀਕ ਨੂੰ ਡਿਊਟੀ 'ਤੇ ਹਾਜ਼ਰ ਨਾ ਹੋਣ ਵਾਲੇ ਠੇਕੇਦਾਰਾਂ ਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
ਆਪਣੀ ਸਾਰੀ ਉਮਰ ਸਿੱਖ ਪੰਥ ਦੀ ਚੜ੍ਹਦੀਕਲਾ ਲਈ ਸੇਵਾ ਕਰਨ ਵਾਲੀ ਮਹਾਨ ਸਖਸ਼ੀਅਤ ਬਾਬਾ ਜੀ ਲਈ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਕੇ ਉਨ੍ਹਾਂ ਦਾ ਅਪਮਾਨ ਕਰਨ ਵਾਲੀ ਇਹ ਭੈੜੀ ਕਰਤੂਤ ਉਨ੍ਹਾਂ ਸ਼ਰਾਰਤੀ ਅਨਸਰਾਂ ਦੀ ਹੈ, ਜਿਨ੍ਹਾਂ ਦਾ ਮੁੱਖ ਨਿਸ਼ਾਨਾ ਕੇਵਲ ਉਨ੍ਹਾਂ ਪੰਥਕ ਜਥੇਬੰਦੀਆਂ ਨੂੰ ਢਾਹ ਲਾਉਣਾ ਹੈ, ਜੋ ਪੰਥ ਦੀ ਚੜ੍ਹਦੀਕਲਾ ਲਈ ਕੰਮ ਕਰ ਰਹੀਆਂ ਹਨ ਤੇ ਬੜੂ ਸਾਹਿਬ ਸੰਸਥਾ ਵੀ ਉਨ੍ਹਾਂ ਦੇ ਮੁੱਖ ਨਿਸ਼ਾਨੇ 'ਤੇ ਹੈ। ਅਸੀਂ ਆਸ ਕਰਦਾ ਹਾਂ ਕਿ ਇਸ ਸਪੱਸ਼ਟੀਕਰਨ ਰਾਹੀਂ ਸਾਰੀ ਸਾਧ-ਸੰਗਤ ਉਨ੍ਹਾਂ ਲੋਕਾਂ ਦੀ ਅਸਲੀਅਤ ਸਮਝ ਗਈ ਹੋਵੇਗੀ, ਜੋ ਕੌਮ ਦੀ ਚੜ੍ਹਦੀਕਲਾ ਲਈ ਹੋ ਰਹੇ ਕਾਰਜ਼ਾਂ ਤੋਂ ਪ੍ਰੇਸ਼ਾਨ ਹਨ ਤੇ ਇਨ੍ਹਾਂ ਵਿਚ ਰੁਕਾਵਟਾਂ ਪਾਉਣ ਲਈ ਯਤਨਸ਼ੀਲ ਹਨ।

ਸੋ ਅਸੀਂ ਸਾਰੀ ਸਾਧ-ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਾਨੂੰ ਆਪਣਾ ਸਹਿਯੋਗ, ਪਿਆਰ, ਅਸ਼ੀਰਵਾਦ ਤੇ ਸ਼ੁਭ-ਕਾਮਨਾਵਾਂ ਦੇਣ ਤਾਂ ਕਿ ਅਸੀਂ ਤੁਹਾਡੇ ਸਹਿਯੋਗ ਅਤੇ ਗੂਰ ਸਾਹਿਬ ਜੀ ਦੀ ਬਖਸਿਸ਼ ਸਦਕਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਸ ਮਹਾਨ ਮਿਸ਼ਨ ਨੂੰ ਸੰਸਾਰ ਦੇ ਕੋਨੇ-ਕੋਨੇ ਵਿਚ ਪਹੁੰਚਾਉਣ ਵਿਚ ਸਫਲ ਹੋ ਸਕੀਏ।

- ਸ. ਰਵਿੰਦਰ ਪਾਲ ਸਿੰਘ, ਕਲਗੀਧਰ ਟ੍ਰਸਟ, ਬੜੂ ਸਾਹਿਬ।

No comments:

Post a Comment